• ਡਾ. ਜਸਪਾਲ ਸਿੰਘ
    ਸਾਬਕਾ ਵਾਈਸ-ਚਾਂਸਲਰ (ਦਸੰਬਰ 2007-ਮਾਰਚ 2017)
    ਪੰਜਾਬੀ ਯੂਨੀਵਰਸਿਟੀ

      ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ-ਸੰਦੇਸ਼ ਨੂੰ ਇੱਕ ਸਰਬਸਾਂਝੇ ਪ੍ਰਵਚਨ ਵਜੋਂ ਮਿਲ ਰਹੇ ਵਿਚਾਰਧਾਰਕ ਹੁੰਗਾਰੇ ਨਾਲ ਬਾਣੀ ਅਧਿਐਨ, ਅਧਿਆਪਨ ਤੇ ਖੋਜ ਦੀ ਅਕਾਦਮਿਕਤਾ ਵੱਲ ਦੁਨੀਆਂ ਭਰ ਦੇ ਵਿਦਵਾਨਾਂ ਦਾ ਧਿਆਨ ਕੇਂਦਰਿਤ ਹੋਇਆ ਹੈ। ਫਲਸਰੂਪ ਇਸ ਸਿਧਾਂਤਕ ਖੇਤਰ ਨਾਲ ਜੁੜੇ ਹੋਏ ਅਦਾਰਿਆਂ ਅਤੇ ਸੰਸਥਾਵਾਂ ਨੂੰ ਅਕਾਦਮਿਕ ਭਾਈਚਾਰੇ ਨੇ ਬਹੁਤ ਗਹੁ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਜਿੱਥੇ ਸਿੱਖ ਸਟੱਡੀਜ਼ ਨਾਲ ਸਬੰਧਿਤ ਸੰਸਥਾਵਾਂ ਦੀਆਂ ਜ਼ਿੰਮੇਵਾਰੀਆਂ ਵਿਚ ਵਾਧਾ ਹੋਇਆ ਹੈ, ਉਥੇ ਸਮਕਾਲ ਦੀਆਂ ਨਵੀਆਂ ਅੰਤਰ-ਦ੍ਰਿਸ਼ਟੀਆਂ ਅਤੇ ਖੋਜ-ਵਿਧੀਆਂ ਵਿਚ ਹੋ ਰਹੇ ਪਾਸਾਰ ਨਾਲ ਕਈ ਚੁਣੌਤੀਆਂ ਵੀ ਪੈਦਾ ਹੋ ਗਈਆਂ ਹਨ। ਮੁੱਖ ਜ਼ਿੰਮੇਵਾਰੀ ਜਾਂ ਚੁਣੌਤੀ ਬਾਣੀ ਸੰਦੇਸ਼ ਦੇ ਸਰਬਸਾਂਝੇ ਪ੍ਰਵਚਨ ਨੂੰ ਸੁਖੈਨ ਰੂਪ ਵਿਚ ਪ੍ਰਚਾਰਨ ਅਤੇ ਪ੍ਰਸਾਰਨ ਦੀ ਹੈ। ਅੱਜ ਜਦ ਸਮੁੱਚਾ ਸੰਸਾਰ ਰੰਗ, ਨਸਲ, ਸਭਿਅਤਾ, ਬੋਲੀ ਆਦਿ ਦੀ ਪਛਾਣ ਦੇ ਵੱਡੇ ਤੇ ਜਟਿਲ ਭੇੜ ਸਦਕਾ ਸੰਕਟ ਗ੍ਰਸਤ ਹੈ, ਇਸ ਨਾਲ ਅਕਾਦਮਿਕ ਪ੍ਰਸੰਗ ਵਿਚ ਨਜਿੱਠਣ ਲਈ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹੀ ਮਾਰਗ ਦਰਸ਼ਨ ਕਰ ਸਕਦਾ ਹੈ। ਇਸ ਪਵਿੱਤਰ ਗ੍ਰੰਥ ਦਾ ਸਿਧਾਂਤਕ ਪ੍ਰਸੰਗ ਬਹੁ-ਰੰਗੇ ਸੰਸਾਰ ਦੀ ਬਹੁਲਤਾ ਨੂੰ ਬਰਾਬਰ ਵਧਣ-ਫੁੱਲਣ ਦਾ ਮੌਕਾ ਪ੍ਰਦਾਨ ਕਰਾਉਣ ਦੀ ਪੈਰਵੀ ਕਰਦਾ ਹੈ । ਬਾਣੀ ਦਾ ਵਿਚਾਰਧਾਰਕ ਪ੍ਰਵਚਨ ਰੰਗਾਂ, ਨਸਲਾਂ, ਸਭਿਆਤਾਵਾਂ ਜਾਂ ਹੋਰ ਹੱਦ-ਬੰਦੀਆਂ ਤੋਂ ਮੁਕਤ ‘ਸਭਸੈ ਲਏ ਮਿਲਾਇ ਜੀਓ’ ਦਾ ਨਿਵੇਕਲਾ ਸਭਿਆਚਾਰ ਸਿਰਜਦਾ ਹੈ, ਜਿਥੇ ‘ਕਿਸੈ ਨ ਦਿਸਹਿ ਬਾਹਰਾ ਜੀਓ’ ਅਤੇ ‘ਰੰਗ ਪਰੰਗ ਉਪਾਰਜਨਾ’ ਦੀ ‘ਬਹੁ ਬਿਧਿ ਸ੍ਰਿਸਟਿ’ ਵਿਚ ‘ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ’ ਦਾ ਪ੍ਰਵਚਨ ਸਰਬ ਸਾਂਝੇ ਸੰਸਾਰ ਨੂੰ ਨਾਲ ਲੈ ਕੇ ਤੁਰਦਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸਥਾਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਧਰਮ ਗ੍ਰੰਥ ਦੇ ਨਾਮ ‘ਤੇ ਸਥਾਪਤ ਦੁਨੀਆਂ ਦਾ ਇਕੋ ਇਕ ਵਿਭਾਗ ਹੈ, ਜਿਸ ਨੇ ਆਪਣੀ ਕਾਰਜ ਵਿਧਾ ਰਾਹੀਂ ਰਾਸ਼ਟਰੀ ਅਤੇ ਪਾਰ-ਰਾਸ਼ਟਰੀ ਅਕਾਦਮਿਕ ਖੇਤਰ ਵਿਚ ਆਪਣੀ ਮਹੱਤਵਪੂਰਨ ਸਥਾਪਤੀ ਕੀਤੀ ਹੋਈ ਹੈ। ਪੰਜਾਬੀ ਯੂਨੀਵਰਸਿਟੀ ਨੇ ਆਰੰਭ ਵਿਚ ਜਿਨ੍ਹਾਂ ਮਹੱਤਵਪੂਰਨ ਵਿਭਾਗਾਂ ਦੀ ਸਥਾਪਨਾ ਕੀਤੀ ਸੀ, ਉਨ੍ਹਾਂ ਵਿਚੋਂ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਹੈ। ਵਿਭਾਗ ਦੀ ਸਿਰਜਣਾ ਦਾ ਮੁੱਖ ਉਦੇਸ਼ ਗੁਰਮਤਿ ਚਿੰਤਨ ਦਾ ਅਕਾਦਮਿਕ ਪ੍ਰਸੰਗ ਸਥਾਪਿਤ ਕਰਨਾ ਹੈ। ਗੁਰਮਤਿ ਚਿੰਤਨ ਸਮੂਹ ਮਾਨਵਤਾ ਲਈ ਅਧਿਆਤਮਕ ਖਜ਼ਾਨਾ ਹੈ। ਇਸੇ ਕਰਕੇ ਇਹ ਪ੍ਰਵਾਨ ਕੀਤਾ ਜਾਂਦਾ ਹੈ ਕਿ ਬੇਸ਼ਕ ਇਹ ਦੈਵੀ ਸੰਦੇਸ਼ ਪੈਦਾ ‘ਤੇ ਪੰਜਾਬ ਦੀ ਧਰਤੀ ‘ਤੇ ਹੋਇਆ ਪਰ ਇਹ ਰੱਬੀ ਬੋਲ ਹਰ ਤਰ੍ਹਾਂ ਦੀਆਂ ਸੰਕੀਰਣ ਵਲਗਣਾਂ ਤੋਂ ਮੁਕਤ ਕੁਲ ਕਾਇਨਾਤ ਲਈ ਹਨ। ਇਸੇ ਪ੍ਰਸੰਗ ਦੇ ਦੀਦਾਰੇ ਇਸ ਧਰਮ ਦੇ ਬਾਨੀ ਨੂੰ ਸੰਬੋਧਿਤ ਭਾਈ ਗੁਰਦਾਸ ਦੇ ਸ਼ਬਦ ‘ਚੜਿਆ ਸੋਧਣਿ ਧਰਤਿ ਲੁਕਾਈ’ ਵਿੱਚੋਂ ਵੀ ਕੀਤੇ ਜਾ ਸਕਦੇ ਹਨ। ਇਹ ਫ਼ਖ਼ਰ ਵਾਲੀ ਗੱਲ ਹੈ ਕਿ ਵਿਭਾਗ ਵੱਲੋਂ ਆਪਣੀ ਵੈਬਸਾਈਟ ਤਿਆਰ ਕੀਤੀ ਗਈ ਹੈ। ਵਿਭਾਗ ਦੁਆਰਾ ਸਥਾਪਿਤ ਕੀਤੀ ਇਹ ਵੈਬਸਾਈਟ ਵੀ ਅਕਾਦਮਿਕਤਾ ਦਾ ਹਿੱਸਾ ਹੀ ਪ੍ਰਵਾਨ ਕੀਤੀ ਜਾ ਸਕਦੀ ਹੈ। ਇਸ ਨਾਲ ਵਿਭਾਗ ਦੀ ਕਾਰਜ ਵਿਧਾ ਸੰਸਾਰੀ ਅਕਾਦਮਿਕਤਾ ਦਾ ਹਿੱਸਾ ਬਣੇਗੀ। ਨਿਸਚੇ ਹੀ ਇਹ ਵਿਭਾਗ ਵੱਲੋਂ ਠੀਕ ਸਮੇਂ ਠੀਕ ਦਿਸ਼ਾ ਵਿਚ ਚੁੱਕਿਆ ਕਦਮ ਸਾਬਤ ਹੋਵੇਗਾ।

     


  • ਡਾ. ਸਰਬਜਿੰਦਰ ਸਿੰਘ
    ਪ੍ਰੋਫੈਸਰ ਅਤੇ ਚੇਅਰਪਰਸਨ
    ਭਾਈ ਗੁਰਦਾਸ ਚੇਅਰ

      ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਧਰਮ ਗ੍ਰੰਥ ਦੇ ਨਾਂ ‘ਤੇ ਸਥਾਪਿਤ ਦੁਨੀਆਂ ਦਾ ਇੱਕੋ ਇੱਕ ਨਿਵੇਕਲਾ ਵਿਭਾਗ ਹੈ। ਯੂਨੀਵਰਸਿਟੀ ਦੇ ਖੋਜ ਵਿਭਾਗਾਂ ਵਿੱਚ ਇਸ ਵਿਭਾਗ ਦਾ ਆਪਣਾ ਵਿਲੱਖਣ ਅਤੇ ਅਹਿਮ ਸਥਾਨ ਹੈ। 1962 ਵਿੱਚ ਪੰਜਾਬੀ ਯੂਨੀਵਰਸਿਟੀ ਦੀ ਅਰੰਭਤਾ ਜਿਨ੍ਹਾਂ ਵਿਭਾਗਾਂ ਨੂੰ ਲੈ ਕੇ ਹੋਈ, ਉਨ੍ਹਾਂ ਸਾਰਿਆਂ ਦਾ ਸਬੰਧ ਅਧਿਆਪਨ ਨਾਲ ਸੀ। ਯੂਨੀਵਰਸਿਟੀ ਦਾ ਸੁਪਨਾ ਸਾਕਾਰ ਕਰਨ ਵਾਲਿਆਂ ਦੇ ਮਨ ਵਿੱਚ ਇੱਕ ਨਵਾਂ ਪ੍ਰਸ਼ਨ ਪੈਦਾ ਹੋਇਆ ਕਿ ਜੇਕਰ ਯੂਨੀਵਰਸਿਟੀਆਂ ਦਾ ਕੰਮ ਕੇਵਲ ਅਧਿਆਪਨ ਹੀ ਪ੍ਰਵਾਨ ਕਰ ਲਿਆ ਗਿਆ ਤਾਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਫਰਕ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾਵੇਗਾ। ਪੈਦਾ ਹੋਏ ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਕੀਤੇ ਗਏ ਮੰਥਨ ਵਿੱਚੋਂ ਖੋਜ ਵਿਭਾਗਾਂ ਦਾ ਸੰਕਲਪ ਸਾਹਮਣੇ ਆਇਆ। ਚਾਰ ਖੋਜ ਵਿਭਾਗ ਸਥਾਪਿਤ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਹੈ। ਇਸ ਦੇ ਫਾਊਂਡਰ ਮੁਖੀ ਦਾ ਕਾਰਜ ਭਾਰ ਡਾ. ਤਾਰਨ ਸਿੰਘ ਜੀ ਨੇ ਸੰਭਾਲਿਆ ਸੀ, ਜੋ ਸਿੱਖ ਧਰਮ ਦੇ ਸਥਾਪਿਤ ਚਿੰਤਕ ਸਨ। ਵਿਭਾਗ ਦੀ ਸਿਰਜਣਾ ਦਾ ਮੁੱਖ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਕਾਸ਼ਨ ਕਰਨਾ ਨਿਸ਼ਚਿਤ ਕੀਤਾ ਗਿਆ ਸੀ। ਸਿੱਖ ਧਰਮ ਦੇ ਬਾਨੀਆਂ ਨੇ ਜਿਨ੍ਹਾਂ ਅਧਿਆਤਮਕ, ਦਾਰਸ਼ਨਿਕ, ਇਤਿਹਾਸਿਕ ਅਤੇ ਸਭਿਆਚਾਰਕ ਸੰਕਲਪਾਂ ਦੀ ਗੱਲ ਬਾਣੀ ਰੂਪ ਵਿੱਚ ਕੀਤੀ ਸੀ, ਉਨ੍ਹਾਂ ਸੰਕਲਪਾਂ ਨੂੰ ਸੌਖੇ ਢੰਗ ਨਾਲ ਪ੍ਰਕਾਸ਼ਿਤ ਕਰਕੇ, ਇਸ ਖੇਤਰ ਵਿੱਚ ਕੰਮ ਕਰ ਰਹੇ ਵਿਦਵਾਨਾਂ ਦੇ ਖੋਜ ਕਾਰਜਾਂ ਨੂੰ ਜ਼ਰਖੇਜ਼ ਬਣਾਉਣ ਵਿੱਚ ਹਿੱਸੇਦਾਰ ਹੋਣ ਦੀ ਭੂਮਿਕਾ ਨੂੰ ਵੀ ਨਿਭਾਉਣਾ ਸੀ। ਜਿਨ੍ਹਾਂ ਯੁੱਗ-ਪੁਰਸ਼ਾਂ ਦੀ ਪਹਿਲਕਦਮੀ ਤੇ ਦੂਰਅੰਦੇਸ਼ੀ ਸਦਕਾ, ਇਸ ਵਿਭਾਗ ਦਾ ਵਿਚਾਰ ਹਕੀਕਤ ਬਣਿਆ, ਉਹ ਜਾਣਦੇ ਸਨ ਕਿ ਅਜਿਹਾ ਵਿਭਾਗ ਹੀ ਇਸ ਖਿੱਤੇ ਨਾਲ ਜੁੜੇ ਹੋਏ ਲੋਕਾਂ ਨੂੰ ਆਪਣੀ ਵਿਰਾਸਤ ਦੇ ਫ਼ਖ਼ਰ ਨਾਲ ਜੋੜ ਸਕਦਾ ਹੈ, ਕਿਉਂਕਿ ਕੋਈ ਵੀ ਕੌਮ ਜਾਂ ਖਿੱਤਾ ਜੇਕਰ ਆਪਣੀ ਵਿਰਾਸਤ ਦੇ ਫ਼ਖ਼ਰ ਨੂੰ ਨਾਮ-ਸਿਮਰਨ ਵਾਂਗ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਂਦਾ ਤਾਂ ਉਸਦੀ ਵਚਨਬੱਧਤਾ ਉਪਰ ਪ੍ਰਸ਼ਨ-ਚਿੰਨ੍ਹ ਖੜ੍ਹਾ ਹੋ ਜਾਂਦਾ ਹੈ। ਉਪਰੋਕਤ ਵਿਭਾਗ ਨੇ ਆਪਣੀ ਸਮਰੱਥਾ ਅਨੁਸਾਰ ਵਿਰਾਸਤ ਦੇ ਫ਼ਖ਼ਰ ਨੂੰ ਲੋਕ ਹਿਰਦਿਆਂ ਦਾ ਹਿੱਸਾ ਬਣਾਉਣ ਲਈ ਹਰ ਯਤਨ ਕੀਤਾ। ਵਿਭਾਗ ਦੀਆਂ ਪ੍ਰਕਾਸ਼ਨਾਵਾਂ, ਉਪਰੋਕਤ ਦੀ ਇੱਕ ਪੁਖਤਾ ਉਦਾਹਰਣ ਹਨ। ਪਿਛਲੇ ਸਮੇਂ ਵਿੱਚ ਡਾ. ਜਸਪਾਲ ਸਿੰਘ, ਵਾਈਸ-ਚਾਂਸਲਰ ਦੀ ਅਗਵਾਈ ਵਿੱਚ ਜਿੱਥੇ ਯੂਨੀਵਰਸਿਟੀ ਨੇ ਨਵੀਆਂ ਪੁਲਾਂਘਾਂ ਪੁੱਟੀਆਂ, ਉਥੇ ਵਿਭਾਗ ਦੇ ਵਰਤਮਾਨ ਸਰੂਪ ਸਬੰਧੀ ਵੀ ਨਵੇਂ ਫੈਸਲੇ ਲਏ ਗਏ ਹਨ। ਵਿਸ਼ਵੀਕਰਨ ਦੇ ਆਧੁਨਿਕ ਦੌਰ ਵਿੱਚ ਜਦੋਂ ਸਮੁੱਚੇ ਅਕਾਦਮਿਕ ਸੰਸਾਰ ਵਿੱਚ ਨਵੀਆਂ ਅੰਤਰਦ੍ਰਿਸ਼ਟੀਆਂ ਦਾ ਆਗਮਨ ਹੋਇਆ ਤਾਂ ਅਧਿਐਨ ਅਤੇ ਅਧਿਆਪਨ ਵਿਭਾਗ ਦੀ ਕਾਰਜਵਿਧਾ ਦੀ ਪੁਨਰ ਸਮੀਖਿਆ ਦਾ ਪ੍ਰਸ਼ਨ ਪੈਦਾ ਹੋ ਗਿਆ। ਨਤੀਜਾ ਇਹ ਸਾਹਮਣੇ ਆਇਆ ਕਿ ਇਕੱਲਾ ਅਧਿਐਨ ਜਾਂ ਇਕੱਲਾ ਅਧਿਆਪਨ ਮਨੁੱਖੀ ਗਿਆਨ ਦੀ ਭੁੱਖ ਦੀ ਸੰਤੁਸ਼ਟੀ ਨਹੀਂ ਕਰ ਸਕਦਾ। ਇਸ ਲਈ ਅਧਿਐਨ ਦੇ ਨਾਲ ਅਧਿਆਪਨ ਅਤੇ ਅਧਿਆਪਨ ਦੇ ਨਾਲ ਅਧਿਐਨ ਲਾਜ਼ਮੀ ਹੈ। ਫਲਸਰੂਪ 2011 ਦੇ ਅਕਾਦਮਿਕ ਸਾਲ ਵਿੱਚ ਇੱਕ ਨਵਾਂ ਫੈਸਲਾ ਲਿਆ ਗਿਆ, ਜਿਸ ਅਧੀਨ ਵਿਭਾਗ ਵਿੱਚ ‘ਸਕੂਲ ਆਫ ਸਿੱਖ ਥਿਆਲੋਜੀ’ ਦੀ ਸਥਾਪਨਾ ਕੀਤੀ ਗਈ। ਭਾਰਤੀ ਭੂ-ਮੰਡਲ ਦੇ ਅਕਾਦਮਿਕ ਜਗਤ ਵਿੱਚ ਇਹ ਇੱਕੋ ਇੱਕ ਪਹਿਲਾ ਸਕੂਲ ਹੈ ਜਿਸ ਦਾ ਅਧਿਆਪਨ ਰਵਾਇਤੀ ਕੋਰਸਾਂ ਤੋਂ ਹਟ ਕੇ ਹੈ। ਇਸ ਸਕੂਲ ਵਿਚ ਦਾਖਲ ਹੋਏ ਵਿਦਿਆਰਥੀਆਂ ਲਈ ਆਧੁਨਿਕ ਦਿਖ ਦੇ ਲੈਕਚਰ ਹਾਲ ਅਤੇ ਲੋੜਵੰਦ ਵਿਦਿਆਰਥੀਆਂ ਲਈ ਵਜ਼ੀਫੇ ਦੀ ਸੁਵਿਧਾ ਲਈ ਡਾ. ਜਸਬੀਰ ਸਿੰਘ ਮਾਨ (ਅਮਰੀਕਾ), ਡਾ. ਸੰਤੋਖ ਸਿੰਘ (ਆਸਟਰੇਲੀਆ), ਸ. ਮਨਮੋਹਨ ਸਿੰਘ ਸ਼ੇਰਗਿੱਲ (ਆਸਟਰੇਲੀਆ), ਇੰਜੀ. ਇੰਦਰਜੀਤ ਸਿੰਘ (ਕੁਵੈਤ) ਨੇ ਵਿਸ਼ੇਸ਼ ਭੂਮਿਕਾ ਨਿਭਾਈ। ਸਾਲ 2011-12 ਦੇ ਅਕਾਦਮਿਕ ਵਰ੍ਹੇ ਵਿਚ ਵਿਭਾਗ ਦੀ ਵਿਲੱਖਣ ਦਿਖ ਸਥਾਪਿਤ ਕਰਨ ਲਈ ਸੋਚ-ਵਿਚਾਰਾਂ ਕੀਤੀਆਂ ਗਈਆਂ। ਫੈਸਲਾ ਇਹ ਲਿਆ ਗਿਆ ਕਿ ਵਿਭਾਗ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ’ ਦੇ ਨਾਂ ਹੇਠ ਇਕ ਨਿਵੇਕਲੀ ਦਿਖ ਵਾਲੀ ਬਿਲਡਿੰਗ ਬਣਾਈ ਜਾਵੇ। ਇਹ ਖੂਬਸੂਰਤ ਭਾਵਨਾ ਉਸ ਵੇਲੇ ਹੋਰ ਵੀ ਫਲੀਭੂਤ ਹੋਈ, ਜਦੋਂ ਇਸ ਵਿਰਾਸਤੀ ਬਿਲਡਿੰਗ ਦੀ ਉਸਾਰੀ ਦਾ ਸਮੁੱਚਾ ਵਿੱਤੀ ਭਾਰ ਪੰਜਾਬ ਸਰਕਾਰ ਨੇ ਆਪਣੇ ਸਿਰ ਲੈ ਲਿਆ। ਇਸ ਸਾਰੇ ਕਾਰਜ ਵਿਚ ਡਾ. ਸੁਖਬੀਰ ਸਿੰਘ ਸੰਧੂ, ਆਈ.ਏ.ਐਸ. (ਪ੍ਰਿੰਸੀਪਲ ਸਕੱਤਰ, ਮੁੱਖ ਮੰਤਰੀ, ਪੰਜਾਬ) ਨੇ ਉਤਮ ਭੂਮਿਕਾ ਨਿਭਾਈ, ਜੋ ਹਮੇਸ਼ਾਂ ਲਈ ਵਿਭਾਗ ਦੇ ਇਤਿਹਾਸ ਦਾ ਹਿੱਸਾ ਬਣੀ ਰਹੇਗੀ। ਹੁਣ ਆਧੁਨਿਕ ਯੁਗ ਵਿਚ ਵਿਭਾਗ ਦਾ ਰਾਬਤਾ ਅੰਤਰ-ਰਾਸ਼ਟਰੀ ਪੱਧਰ ਦੇ ਹੋਰ ਅਕਾਦਮਿਕ ਅਦਾਰਿਆਂ ਨਾਲ ਜੋੜਨ ਲਈ ਵਿਭਾਗ ਦੀ ਵੱਖਰੀ ਵੈਬਸਾਈਟ ਬਣਾਉਣ ਦਾ ਫੈਸਲਾ ਕੀਤਾ ਤਾਂ ਜੋ ਵਿਭਾਗ ਦੀ ਸਥਾਪਨਾ ਵਰ੍ਹੇ ਤੋਂ ਲੈ ਕੇ ਅੱਜ ਤੱਕ ਦੀ ਸਮੁੱਚੀ ਕਾਰਜ-ਵਿਧਾ ਨੂੰ ਸਾਹਮਣੇ ਲਿਆਂਦਾ ਜਾ ਸਕੇ। ਮੈਨੂੰ ਪੂਰਨ ਉਮੀਦ ਹੈ ਕਿ ਅਕਾਦਮਿਕ ਜਗਤ ਵਿਚ ਇਸ ਨੂੰ ਹਾਂ-ਪੱਖੀ ਹੁੰਗਾਰਾ ਮਿਲੇਗਾ।