ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਧਰਮ ਗ੍ਰੰਥ ਦੇ ਨਾਂ ‘ਤੇ ਸਥਾਪਿਤ ਦੁਨੀਆਂ ਦਾ ਇੱਕੋ ਇੱਕ ਨਿਵੇਕਲਾ ਵਿਭਾਗ ਹੈ। ਯੂਨੀਵਰਸਿਟੀ ਦੇ ਖੋਜ ਵਿਭਾਗਾਂ ਵਿੱਚ ਇਸ ਵਿਭਾਗ ਦਾ ਆਪਣਾ ਵਿਲੱਖਣ ਅਤੇ ਅਹਿਮ ਸਥਾਨ ਹੈ। 1962 ਵਿੱਚ ਪੰਜਾਬੀ ਯੂਨੀਵਰਸਿਟੀ ਦੀ ਅਰੰਭਤਾ ਜਿਨ੍ਹਾਂ ਵਿਭਾਗਾਂ ਨੂੰ ਲੈ ਕੇ ਹੋਈ, ਉਨ੍ਹਾਂ ਸਾਰਿਆਂ ਦਾ ਸਬੰਧ ਅਧਿਆਪਨ ਨਾਲ ਸੀ। ਯੂਨੀਵਰਸਿਟੀ ਦਾ ਸੁਪਨਾ ਸਾਕਾਰ ਕਰਨ ਵਾਲਿਆਂ ਦੇ ਮਨ ਵਿੱਚ ਇੱਕ ਨਵਾਂ ਪ੍ਰਸ਼ਨ ਪੈਦਾ ਹੋਇਆ ਕਿ ਜੇਕਰ ਯੂਨੀਵਰਸਿਟੀਆਂ ਦਾ ਕੰਮ ਕੇਵਲ ਅਧਿਆਪਨ ਹੀ ਪ੍ਰਵਾਨ ਕਰ ਲਿਆ ਗਿਆ ਤਾਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਫਰਕ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾਵੇਗਾ। ਪੈਦਾ ਹੋਏ ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਕੀਤੇ ਗਏ ਮੰਥਨ ਵਿੱਚੋਂ ਖੋਜ ਵਿਭਾਗਾਂ ਦਾ ਸੰਕਲਪ ਸਾਹਮਣੇ ਆਇਆ। ਚਾਰ ਖੋਜ ਵਿਭਾਗ ਸਥਾਪਿਤ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਹੈ।
ਇਸ ਦੇ ਫਾਊਂਡਰ ਮੁਖੀ ਦਾ ਕਾਰਜ ਭਾਰ ਡਾ. ਤਾਰਨ ਸਿੰਘ ਜੀ ਨੇ ਸੰਭਾਲਿਆ ਸੀ, ਜੋ ਸਿੱਖ ਧਰਮ ਦੇ ਸਥਾਪਿਤ ਚਿੰਤਕ ਸਨ। ਵਿਭਾਗ ਦੀ ਸਿਰਜਣਾ ਦਾ ਮੁੱਖ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਕਾਸ਼ਨ ਕਰਨਾ ਨਿਸ਼ਚਿਤ ਕੀਤਾ ਗਿਆ ਸੀ। ਸਿੱਖ ਧਰਮ ਦੇ ਬਾਨੀਆਂ ਨੇ ਜਿਨ੍ਹਾਂ ਅਧਿਆਤਮਕ, ਦਾਰਸ਼ਨਿਕ, ਇਤਿਹਾਸਿਕ ਅਤੇ ਸਭਿਆਚਾਰਕ ਸੰਕਲਪਾਂ ਦੀ ਗੱਲ ਬਾਣੀ ਰੂਪ ਵਿੱਚ ਕੀਤੀ ਸੀ, ਉਨ੍ਹਾਂ ਸੰਕਲਪਾਂ ਨੂੰ ਸੌਖੇ ਢੰਗ ਨਾਲ ਪ੍ਰਕਾਸ਼ਿਤ ਕਰਕੇ, ਇਸ ਖੇਤਰ ਵਿੱਚ ਕੰਮ ਕਰ ਰਹੇ ਵਿਦਵਾਨਾਂ ਦੇ ਖੋਜ ਕਾਰਜਾਂ ਨੂੰ ਜ਼ਰਖੇਜ਼ ਬਣਾਉਣ ਵਿੱਚ ਹਿੱਸੇਦਾਰ ਹੋਣ ਦੀ ਭੂਮਿਕਾ ਨੂੰ ਵੀ ਨਿਭਾਉਣਾ ਸੀ।
ਜਿਨ੍ਹਾਂ ਯੁੱਗ-ਪੁਰਸ਼ਾਂ ਦੀ ਪਹਿਲਕਦਮੀ ਤੇ ਦੂਰਅੰਦੇਸ਼ੀ ਸਦਕਾ, ਇਸ ਵਿਭਾਗ ਦਾ ਵਿਚਾਰ ਹਕੀਕਤ ਬਣਿਆ, ਉਹ ਜਾਣਦੇ ਸਨ ਕਿ ਅਜਿਹਾ ਵਿਭਾਗ ਹੀ ਇਸ ਖਿੱਤੇ ਨਾਲ ਜੁੜੇ ਹੋਏ ਲੋਕਾਂ ਨੂੰ ਆਪਣੀ ਵਿਰਾਸਤ ਦੇ ਫ਼ਖ਼ਰ ਨਾਲ ਜੋੜ ਸਕਦਾ ਹੈ, ਕਿਉਂਕਿ ਕੋਈ ਵੀ ਕੌਮ ਜਾਂ ਖਿੱਤਾ ਜੇਕਰ ਆਪਣੀ ਵਿਰਾਸਤ ਦੇ ਫ਼ਖ਼ਰ ਨੂੰ ਨਾਮ-ਸਿਮਰਨ ਵਾਂਗ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਂਦਾ ਤਾਂ ਉਸਦੀ ਵਚਨਬੱਧਤਾ ਉਪਰ ਪ੍ਰਸ਼ਨ-ਚਿੰਨ੍ਹ ਖੜ੍ਹਾ ਹੋ ਜਾਂਦਾ ਹੈ। ਉਪਰੋਕਤ ਵਿਭਾਗ ਨੇ ਆਪਣੀ ਸਮਰੱਥਾ ਅਨੁਸਾਰ ਵਿਰਾਸਤ ਦੇ ਫ਼ਖ਼ਰ ਨੂੰ ਲੋਕ ਹਿਰਦਿਆਂ ਦਾ ਹਿੱਸਾ ਬਣਾਉਣ ਲਈ ਹਰ ਯਤਨ ਕੀਤਾ। ਵਿਭਾਗ ਦੀਆਂ ਪ੍ਰਕਾਸ਼ਨਾਵਾਂ, ਉਪਰੋਕਤ ਦੀ ਇੱਕ ਪੁਖਤਾ ਉਦਾਹਰਣ ਹਨ।
ਪਿਛਲੇ ਸਮੇਂ ਵਿੱਚ ਡਾ. ਜਸਪਾਲ ਸਿੰਘ, ਵਾਈਸ-ਚਾਂਸਲਰ ਦੀ ਅਗਵਾਈ ਵਿੱਚ ਜਿੱਥੇ ਯੂਨੀਵਰਸਿਟੀ ਨੇ ਨਵੀਆਂ ਪੁਲਾਂਘਾਂ ਪੁੱਟੀਆਂ, ਉਥੇ ਵਿਭਾਗ ਦੇ ਵਰਤਮਾਨ ਸਰੂਪ ਸਬੰਧੀ ਵੀ ਨਵੇਂ ਫੈਸਲੇ ਲਏ ਗਏ ਹਨ। ਵਿਸ਼ਵੀਕਰਨ ਦੇ ਆਧੁਨਿਕ ਦੌਰ ਵਿੱਚ ਜਦੋਂ ਸਮੁੱਚੇ ਅਕਾਦਮਿਕ ਸੰਸਾਰ ਵਿੱਚ ਨਵੀਆਂ ਅੰਤਰਦ੍ਰਿਸ਼ਟੀਆਂ ਦਾ ਆਗਮਨ ਹੋਇਆ ਤਾਂ ਅਧਿਐਨ ਅਤੇ ਅਧਿਆਪਨ ਵਿਭਾਗ ਦੀ ਕਾਰਜਵਿਧਾ ਦੀ ਪੁਨਰ ਸਮੀਖਿਆ ਦਾ ਪ੍ਰਸ਼ਨ ਪੈਦਾ ਹੋ ਗਿਆ। ਨਤੀਜਾ ਇਹ ਸਾਹਮਣੇ ਆਇਆ ਕਿ ਇਕੱਲਾ ਅਧਿਐਨ ਜਾਂ ਇਕੱਲਾ ਅਧਿਆਪਨ ਮਨੁੱਖੀ ਗਿਆਨ ਦੀ ਭੁੱਖ ਦੀ ਸੰਤੁਸ਼ਟੀ ਨਹੀਂ ਕਰ ਸਕਦਾ। ਇਸ ਲਈ ਅਧਿਐਨ ਦੇ ਨਾਲ ਅਧਿਆਪਨ ਅਤੇ ਅਧਿਆਪਨ ਦੇ ਨਾਲ ਅਧਿਐਨ ਲਾਜ਼ਮੀ ਹੈ। ਫਲਸਰੂਪ 2011 ਦੇ ਅਕਾਦਮਿਕ ਸਾਲ ਵਿੱਚ ਇੱਕ ਨਵਾਂ ਫੈਸਲਾ ਲਿਆ ਗਿਆ, ਜਿਸ ਅਧੀਨ ਵਿਭਾਗ ਵਿੱਚ ‘ਸਕੂਲ ਆਫ ਸਿੱਖ ਥਿਆਲੋਜੀ’ ਦੀ ਸਥਾਪਨਾ ਕੀਤੀ ਗਈ। ਭਾਰਤੀ ਭੂ-ਮੰਡਲ ਦੇ ਅਕਾਦਮਿਕ ਜਗਤ ਵਿੱਚ ਇਹ ਇੱਕੋ ਇੱਕ ਪਹਿਲਾ ਸਕੂਲ ਹੈ ਜਿਸ ਦਾ ਅਧਿਆਪਨ ਰਵਾਇਤੀ ਕੋਰਸਾਂ ਤੋਂ ਹਟ ਕੇ ਹੈ।
ਇਸ ਸਕੂਲ ਵਿਚ ਦਾਖਲ ਹੋਏ ਵਿਦਿਆਰਥੀਆਂ ਲਈ ਆਧੁਨਿਕ ਦਿਖ ਦੇ ਲੈਕਚਰ ਹਾਲ ਅਤੇ ਲੋੜਵੰਦ ਵਿਦਿਆਰਥੀਆਂ ਲਈ ਵਜ਼ੀਫੇ ਦੀ ਸੁਵਿਧਾ ਲਈ ਡਾ. ਜਸਬੀਰ ਸਿੰਘ ਮਾਨ (ਅਮਰੀਕਾ), ਡਾ. ਸੰਤੋਖ ਸਿੰਘ (ਆਸਟਰੇਲੀਆ), ਸ. ਮਨਮੋਹਨ ਸਿੰਘ ਸ਼ੇਰਗਿੱਲ (ਆਸਟਰੇਲੀਆ), ਇੰਜੀ. ਇੰਦਰਜੀਤ ਸਿੰਘ (ਕੁਵੈਤ) ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਸਾਲ 2011-12 ਦੇ ਅਕਾਦਮਿਕ ਵਰ੍ਹੇ ਵਿਚ ਵਿਭਾਗ ਦੀ ਵਿਲੱਖਣ ਦਿਖ ਸਥਾਪਿਤ ਕਰਨ ਲਈ ਸੋਚ-ਵਿਚਾਰਾਂ ਕੀਤੀਆਂ ਗਈਆਂ। ਫੈਸਲਾ ਇਹ ਲਿਆ ਗਿਆ ਕਿ ਵਿਭਾਗ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ’ ਦੇ ਨਾਂ ਹੇਠ ਇਕ ਨਿਵੇਕਲੀ ਦਿਖ ਵਾਲੀ ਬਿਲਡਿੰਗ ਬਣਾਈ ਜਾਵੇ। ਇਹ ਖੂਬਸੂਰਤ ਭਾਵਨਾ ਉਸ ਵੇਲੇ ਹੋਰ ਵੀ ਫਲੀਭੂਤ ਹੋਈ, ਜਦੋਂ ਇਸ ਵਿਰਾਸਤੀ ਬਿਲਡਿੰਗ ਦੀ ਉਸਾਰੀ ਦਾ ਸਮੁੱਚਾ ਵਿੱਤੀ ਭਾਰ ਪੰਜਾਬ ਸਰਕਾਰ ਨੇ ਆਪਣੇ ਸਿਰ ਲੈ ਲਿਆ। ਇਸ ਸਾਰੇ ਕਾਰਜ ਵਿਚ ਡਾ. ਸੁਖਬੀਰ ਸਿੰਘ ਸੰਧੂ, ਆਈ.ਏ.ਐਸ. (ਪ੍ਰਿੰਸੀਪਲ ਸਕੱਤਰ, ਮੁੱਖ ਮੰਤਰੀ, ਪੰਜਾਬ) ਨੇ ਉਤਮ ਭੂਮਿਕਾ ਨਿਭਾਈ, ਜੋ ਹਮੇਸ਼ਾਂ ਲਈ ਵਿਭਾਗ ਦੇ ਇਤਿਹਾਸ ਦਾ ਹਿੱਸਾ ਬਣੀ ਰਹੇਗੀ।
ਹੁਣ ਆਧੁਨਿਕ ਯੁਗ ਵਿਚ ਵਿਭਾਗ ਦਾ ਰਾਬਤਾ ਅੰਤਰ-ਰਾਸ਼ਟਰੀ ਪੱਧਰ ਦੇ ਹੋਰ ਅਕਾਦਮਿਕ ਅਦਾਰਿਆਂ ਨਾਲ ਜੋੜਨ ਲਈ ਵਿਭਾਗ ਦੀ ਵੱਖਰੀ ਵੈਬਸਾਈਟ ਬਣਾਉਣ ਦਾ ਫੈਸਲਾ ਕੀਤਾ ਤਾਂ ਜੋ ਵਿਭਾਗ ਦੀ ਸਥਾਪਨਾ ਵਰ੍ਹੇ ਤੋਂ ਲੈ ਕੇ ਅੱਜ ਤੱਕ ਦੀ ਸਮੁੱਚੀ ਕਾਰਜ-ਵਿਧਾ ਨੂੰ ਸਾਹਮਣੇ ਲਿਆਂਦਾ ਜਾ ਸਕੇ। ਮੈਨੂੰ ਪੂਰਨ ਉਮੀਦ ਹੈ ਕਿ ਅਕਾਦਮਿਕ ਜਗਤ ਵਿਚ ਇਸ ਨੂੰ ਹਾਂ-ਪੱਖੀ ਹੁੰਗਾਰਾ ਮਿਲੇਗਾ।